ਪੀਟੀਬੀ ਨਿਊਜ਼ “ਸਿਖਿਆ” : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦਾ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਨਿਰੰਤਰ ਯਤਨਸ਼ੀਲ ਰਹਿੰਦਾ ਹੈ। ਪੰਜਾਬੀ ਵਿਭਾਗ ਨੇ ਸਮਾਜ ਨੂੰ ਅਣਗਿਣਤ ਅਧਿਆਪਕ, ਚਿੰਤਕ ਤੇ ਸਾਹਿਤਕਾਰ ਆਦਿ ਦਿੱਤੇ ਹਨ। ਡਾ. ਸੁਰਿੰਦਰ ਪਾਲ ਮੰਡ ਨੇ ਇਸ ਵਿਭਾਗ ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਡਾ. ਗੋਪਾਲ ਸਿੰਘ ਬੁੱਟਰ, ਸਾਬਕਾ ਮੁੱਖੀ ਪੰਜਾਬੀ ਵਿਭਾਗ ਨੇ ਸਮੂਹ ਅਧਿਆਪਕਾਂ ਅਤੇ ਸਮੂਹ ਵਿਭਾਗਾਂ ਦੇ ਮੁਖੀ ਸਹਿਬਾਨ ਦੀ ਮੌਜੂਦਗੀ ਵਿੱਚ ਡਾ. ਮੰਡ ਨੂੰ ਮੁਖੀ ਵਿਭਾਗ ਦੀ ਜ਼ਿੰਮੇਵਾਰੀ ਸੌਂਪਦੇ ਹੋਏ ਨਿਯੁਕਤੀ ਪੱਤਰ ਦਿੱਤਾ ਅਤੇ ਗੁਲਦਸਤੇ ਦੇ ਕੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਪ੍ਰਿੰਸੀਪਲ ਡਾ. ਸਮਰਾ ਨੇ ਦੱਸਿਆ ਕਿ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਪੰਜਾਬ ਦਾ ਇੱਕ ਇਤਿਹਾਸਿਕ ਮਹੱਤਤਾ ਵਾਲਾ ਅਧਿਆਪਨ ਵਿਭਾਗ ਹੈ। ਉਨ੍ਹਾਂ ਕਿਹਾ ਕਿ ਸੇਵਾ ਮੁਕਤ ਹੋ ਚੁੱਕੇ ਸਮੂਹ ਮੁਖੀ ਸਾਹਿਬਾਨ ਨੇ ਇਸ ਵਿਭਾਗ ਦੀ ਚੜ੍ਹਦੀ ਕਲਾ ਤੇ ਪ੍ਰਤਿਸ਼ੱਠਾ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਡਾ. ਮੰਡ ਦੀ ਸੁਯੋਗ ਅਗਵਾਈ ਵਿੱਚ ਪੰਜਾਬੀ ਵਿਭਾਗ ਦਿਨ ਚੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇਗਾ ਅਤੇ ਇਹ ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੀ ਸੇਵਾ ਨਿਰੰਤਰ ਕਰਦਾ ਰਹੇਗਾ।
ਉਨ੍ਹਾਂ ਦੱਸਿਆ ਕਿ ਡਾ. ਮੰਡ ਇਸ ਤੋਂ ਪਹਿਲਾ ਕਾਲਜ ਵਿਖੇ ਡੀਨ ਵਿਦਿਆਰਥੀ ਭਲਾਈ, ਕੋਆਰਡੀਨੇਟਰ ਪੰਜਾਬ ਪਰਵਾਸ ਅਧਿਐਨ ਕੇਂਦਰ, ਨੋਡਲ ਅਫ਼ਸਰ ਯੂਨੀਵਰਸਿਟੀ ਅਫੇਅਰਜ਼, ਕਨਵੀਨਰ ਸਕਾਲਰਸ਼ਿਪ, ਨੋਡਲ ਅਫਸਰ ਐਡਮਿਸ਼ਨ ਤੋਂ ਇਲਾਵਾ ਕਾਲਜ ਦੇ ਮੈਗਜ਼ੀਨ ਬਿਆਸ ਦੇ ਪੰਜਾਬੀ ਸੈਕਸ਼ਨ ਦੇ ਸੰਪਾਦਕ ਅਤੇ ਹੋਰ ਕਾਰਜਕਾਰੀ ਅਹੁਦਿਆਂ ਤੇ ਵੀ ਕੰਮ ਕਰ ਰਹੇ ਹਨ। ਪ੍ਰੋ: ਜਸਰੀਨ ਕੌਰ, ਡੀਨ ਅਕਾਦਮਿਕ ਮਾਮਲੇ ਨੇ ਕਿਹਾ ਕਿ ਪ੍ਰੋ: ਮੰਡ ਆਪਣੇ ਸਾਬਕਾ ਮੁਖੀਆਂ ਵਾਂਗ ਵਿਭਾਗ ਦੀ ਅਮੀਰ ਵਿਰਾਸਤ ਨੂੰ ਬਰਕਰਾਰ ਰੱਖਣਗੇ।
ਡਾ. ਗੋਪਾਲ ਸਿੰਘ ਬੁੱਟਰ ਨੇ ਕਿਹਾ ਕਿ ਉਨ੍ਹਾਂ ਦੇ ਕਾਰਜ ਕਾਲ ਵਿਚ ਡਾ. ਮੰਡ, ਡਾ. ਹਰਜਿੰਦਰ ਸਿੰਘ, ਡਾ. ਨਾਗਰਾ ਅਤੇ ਡਾ. ਸੋਢੀ ਕੋਲੋਂ ਉਨ੍ਹਾਂ ਨੂੰ ਭਰਪੂਰ ਸਹਿਯੋਗ ਮਿਲਿਆ ਜਿਸ ਸਦਕਾ ਵਿਭਾਗ ਖੇਤਰ ਵਿਚ ਆਪਣੀ ਵਿਲੱਖਣ ਛਾਪ ਛੱਡੀ ਹੈ। ਉਨ੍ਹਾਂ ਡਾ. ਮੰਡ ਨੂੰ ਇਸ ਮੌਕੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਭਾਗ ਦੇ ਅਧਿਆਪਕਾਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਮੁਖੀ ਪ੍ਰੋ. ਜਸਰੀਨ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਅਰੁਨਜੀਤ ਕੌਰ, ਪ੍ਰੋ. ਸੁਮਨ ਚੋਪੜਾ, ਪ੍ਰੋ. ਨਵਦੀਪ ਕੌਰ, ਪ੍ਰੋ. ਜਸਵਿੰਦਰ ਕੌਰ, ਨੇ ਵੀ ਡਾ. ਮੰਡ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

































