ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਸੋਸ਼ਲ ਸੈਂਸੀਟਾਈਜੇਸ਼ਨ ਸੈੱਲ ਨੇ ਇਕੋ ਵਾਰ ਵਰਤੋਂ ਵਾਲੇ ਪਲਾਸਟਿਕ ਦੇ ਥੈਲਿਆਂ ਦੇ ਖ਼ਤਰਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਐਨਜੀਓ ਏ.ਜੀ.ਏ.ਪੀ.ਪੀ. (ਅਚਟੋਿਨ ਘਰੋੁਪ ਅਗੳਨਿਸਟ ਫਲੳਸਟਚਿ ਫੋਲਲੁਟੋਿਨ) ਦੇ ਸਹਿਯੋਗ ਨਾਲ ਨਗਰ ਨਿਗਮ ਜਲੰਧਰ ਵਿਖੇ ਇੱਕ ਜਾਗਰੂਕਤਾ ਅਤੇ ਰੋਸ ਰੈਲੀ ਦਾ ਆਯੋਜਨ ਕੀਤਾ।
ਰੈਲੀ ਦੀ ਸ਼ੁਰੂਆਤ ਪੋਲੀਥੀਨ ਬੈਗ ‘ਤੇ ਪਾਬੰਦੀ ਸੰਬੰਧੀ ਨਾਅਰੇ ਲਗਾ ਕੇ ਅਤੇ ਗੀਤ ਸੁਣਾ ਕੇ ਕੀਤੀ ਗਈ। ਪ੍ਰਿੰਸੀਪਲ ਡਾ: ਗੁਰਪਿੰਦਰ ਸਿੰਘ ਸਮਰਾ ਨੇ ਸਿੰਗਲ ਯੂਜ਼ ਪਲਾਸਟਿਕ ਦੇ ਥੈਲਿਆਂ ਨੂੰ ਬੰਦ ਕਰਨ ਲਈ ਸੋਸ਼ਲ ਸੈਂਸੀਟਾਈਜੇਸ਼ਨ ਕਲੱਬ ਅਤੇ ਏ.ਜੀ.ਏ.ਪੀ.ਪੀ. ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਕਿਹਾ ਕਿ ਪਲਾਸਟਿਕ ਪ੍ਰਦੂਸ਼ਣ ਸਾਰੇ ਜੀਵ-ਜੰਤੂਆਂ ਲਈ ਬਹੁਤ ਖ਼ਤਰਨਾਕ ਹੈ ਅਤੇ ਇਸ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ’ਤੇ ਪੂਰਨ ਪਬੰਦੀ ਲਗਾਉਣ ਵਾਸਤੇ ਅਧਿਕਾਰੀਆਂ ‘ਤੇ ਦਬਾਅ ਬਣਾਉਣ ਲਈ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਬਹੁਤ ਜ਼ਰੂਰੀ ਹਨ ਤਾਂ ਜੋ ਅਸੀਂ ਆਪਣੀ ਧਰਤੀ ਨੂੰ ਵੱਖ-ਵੱਖ ਪ੍ਰਦੂਸ਼ਕਾਂ ਅਤੇ ਜ਼ਹਿਰਾਂ ਤੋਂ ਬਚਾ ਸਕੀਏ।
ਉਹਨਾਂ ਇਹ ਵੀ ਕਿਹਾ ਕਿ ਧਰਤੀ ਸਾਡੇ ਜੀਵਨ ਦਾ ਆਧਾਰ ਹੈ ਤੇ ਸਾਨੂੰ ਇਸ ਦੀ ਸੰਭਾਲ ਕਰਕੇ ਧਰਤੀ ’ਤੇ ਮਨੁਖਾ ਜੀਵਨ ਬਚਾਉਣਾ ਚਾਹੀਦਾ ਹੈ। ਇਸ ਵਾਸਤੇ ਸਿੰਗਲ ਯੂਜ਼ ਪਲਾਸਟਿਕ ’ਤੇ ਪੂਰਨ ਪਬੰਦੀ ਪਹਿਲਾ ਕਦਮ ਹੋਵੇਗਾ। ਸੋਸ਼ਲ ਸੈਂਸੀਟਾਈਜੇਸ਼ਨ ਸੈੱਲ ਦੇ ਕਨਵੀਨਰ ਪ੍ਰੋ. ਅਮਿਤਾ ਸ਼ਾਹਿਦ ਨੇ ਕਿਹਾ ਕਿ ਸੋਸ਼ਲ ਸੈਂਸੀਟਾਈਜੇਸ਼ਨ ਸੈੱਲ ਸਮਾਜ ਵਿੱਚ ਇਸ ਪ੍ਰਤੀ ਜਾਗਰੂਕਤਾ ਵਧਾਉਣ ਲਈ ਸਿਰਤੋੜ ਯਤਨ ਕਰ ਰਿਹਾ ਹੈ।
ਉਹਨਾਂ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦਾ ਇਸ ਕਾਰਜ ਵਿੱਚ ਭਰਪੂਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਡਾ: ਪਤਵੰਤ ਅਟਵਾਲ, ਡਾ: ਯੂਬੀਕ ਬੇਦੀ, ਡਾ: ਜਸਵਿੰਦਰ ਕੌਰ, ਡਾ: ਗੀਤਾਂਜਲੀ, ਡਾ: ਮਨਮੀਤ ਸੋਢੀ, ਪ੍ਰੋ. ਮਨੀਸ਼ ਗੋਇਲ ਤੋਂ ਇਲਾਵਾ ਏ.ਜੀ.ਏ.ਪੀ.ਪੀ. ਦੇ ਮੈਂਬਰਾਂ ਡਾ: ਨਵਨੀਤ ਭੁੱਲਰ ਅਤੇ ਸ: ਗੁਣਵੰਤ ਸਿੰਘ ਅਟਵਾਲ ਨੇ ਇਸ ਸਮਾਗਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ।



































