ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸ਼ੁਰੂ ਤੋਂ ਹੀ ਵਚਨਬੱਧ ਰਿਹਾ ਹੈ। ਕਾਲਜ ਦੇ ਵਿਦਿਆਰਥੀ ਸਮੇਂ-ਸਮੇਂ ’ਤੇ ਸਾਹਿਤ, ਖੇਡਾਂ, ਅਕਾਦਮਿਕ ਤੇ ਹੋਰ ਖੇਤਰਾਂ ਵਿਚ ਵੀ ਭਾਗ ਲੈਂਦੇ ਰਹੇ ਤੇ ਮੱਲਾਂ ਮਾਰਦੇ ਰਹੇ ਹਨ। ਇਸ ਤਹਿਤ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਖੇ ਹੋ ਰਹੇ ਟੈੱਕ ਫੈਸਟ-2023 ਵਿਚ ਭਾਗ ਲੈਂਦਿਆਂ ਓਵਰਆਲ ਸੈਕਿੰਡ ਰਨਰਅੱਪ ਟਰਾਫੀ ’ਤੇ ਕਬਜਾ ਕੀਤਾ ਅਤੇ ਨਾਲ ਹੀ ਵੇਸਟ ਸਮਾਰਟ ਪ੍ਰਤੀਯੋਗਿਤਾ ਲਾਇਲਪੁਰ ਖ਼ਾਲਸਾ ਕਾਲਜ ਟੈਕਨੀਕਲ ਕੈਂਪਸ ਜਲੰਧਰ ਵਿਖੇ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ।
ਇਸ ਮੌਕੇ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਵਿਦਿਆਰਥੀਆਂ ਤੇ ਮੁਖੀ ਕੰਪਿਊਟਰ ਸਾਇੰਸ ਵਿਭਾਗ ਪ੍ਰੋ. ਸੰਜੀਵ ਕੁਮਾਰ ਆਨੰਦ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਿਹਨਤ ਸਦਕਾ ਹੀ ਅਜਿਹੀਆਂ ਕਾਮਯਾਬੀਆਂ ਪ੍ਰਾਪਤ ਹੁੰਦੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਅੱਗੇ ਵੀ ਉਹ ਅਜਿਹੀਆਂ ਉੱਚ ਪ੍ਰਾਪਤੀਆਂ ਹਾਸਲ ਕਰਦੇ ਰਹਿਣਗੇ। ਇਸ ਮੌਕੇੇ ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਵਲੋਂ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਟੈੱਕ ਫੈਸਟ-2023 ਵਿਚ ਕਾਲਜ ਦੇ ਵੈਬ ਨੈਕਸਸ ਪ੍ਰਤੀਯਗਿਤਾ ਵਿਚੋਂ ਅੰਗਦ ਸਿੰਘ (ਬੀ.ਵਾਕ ਛੇਵਾਂ ਸਮੈਸਟਰ) ਨੇ ਪਹਿਲਾ, ਕੋਡ ਮੈਰਾਥਨ ਵਿਚ ਅੰਕੁਰ ਤੇ ਅਰੀਹੰਤ (ਬੀ.ਸੀ.ਏ. ਛੇਵਾਂ ਸਮੈਸਟਰ) ਨੇ ਪਹਿਲਾ, ਬਗ ਸਮੈਸ਼ ਕੋਡ ਵਿਚ ਅੰਕੁਰ (ਬੀ.ਸੀ.ਏ. ਛੇਵਾਂ ਸਮੈਸਟਰ) ਅਤੇ ਭੁਵਨ ਠਾਕੁਰ (ਬੀ.ਐਸਸੀ ਆਈ.ਟੀ. ਛੇਵਾ ਸਮੈਸਟਰ) ਨੇ ਦੂਜਾ ਸਥਾਨ,
ਵੈੱਬ ਬਲਾਗ ਵਿਚ ਰਾਜਵੀਰ ਕੌਰ (ਬੀ.ਏ.ਜੇ.ਐਮ.ਸੀ ਛੇਵਾਂ ਸਮੈਸਟਰ) ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਲਾਇਲਪੁਰ ਖ਼ਾਲਸਾ ਕਾਲਜ ਟੈਕਨੀਕਲ ਕੈਂਪਸ ਵਿਚ ਵੇਸਟ ਸਮਾਰਟ ਪ੍ਰਤੀਯੋਗਿਤਾ ਵਿਚ ਕਰਿਤੀ (ਪੀ.ਜੀ.ਡੀ.ਸੀ.ਏ. ਦੂਜਾ ਸਮੈਸਟਰ) ਤੇ ਹਰਮਨਜੀਤ ਸਿੰਘ (ਬੀ.ਏ. ਛੇਵਾਂ ਸਮੈਸਟਰ) ਨੇ ਸਿਮਫ਼ੋਨਿਕ ਟੈੱਕ ਫੈਸਟ-2023 ਪ੍ਰਤੀਯੋਗਿਤਾ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਤੇ ਮੁਖੀ ਕੰਪਿਊਟਰ ਸਾਇੰਸ ਵਿਭਾਗ ਪ੍ਰੋ. ਸੰਜੀਵ ਕੁਮਾਰ ਆਨੰਦ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਤਾਂ ਕਿ ਵਿਦਿਆਰਥੀ ਅੱਗੇ ਵੀ ਅਜਿਹੀਆਂ ਮਾਣਮੱਤੀ ਪ੍ਰਾਪਤੀਆਂ ਹਾਸਲ ਕਰਦੇ ਰਹਿਣ। ਇਸ ਮੌਕੇ ਇਨ੍ਹਾਂ ਪ੍ਰਤੀਯੋਗਤਾਵਾਂ ਦੇ ਇੰਚਾਰਜ ਪ੍ਰੋ. ਸੋਨੂੰ ਗੁਪਤਾ ਤੇ ਪ੍ਰੋ. ਹਿਨਾ ਕਪੂਰ ਵੀ ਹਾਜ਼ਰ ਸਨ।








































