ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੁਆਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਜ਼ੋਨਲ ਯੁਵਕ ਮੇਲੇ ਵਿੱਚ ਫਸਟ ਰੱਨਰ ਅੱਪ ਟ੍ਰਾਫ਼ੀ ਜਿੱਤਣ ਦੇ ਨਾਲ-ਨਾਲ ਮਿਊਜ਼ਿਕ, ਲਿਟਰੇਰੀ ਅਤੇ ਫੋਕ ਇੰਵਟਸ ਦੀ ਵੀ ਫਸਟ ਰੱਨਰ ਅੱਪ ਟ੍ਰਾਫੀ ਜਿੱਤਣ ’ਤੇ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਯੁਵਕ ਮੇਲੇ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਦੇ ਇੰਚਾਰਜ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਟ੍ਰਾਫ਼ੀ ਜਿੱਤਣ ਦੀ ਖੁਸ਼ੀ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨਾਲ ਸਾਂਝੀ ਕੀਤੀ ਅਤੇ ਉਹਨਾਂ ਨੂੰ ਇਹ ਟ੍ਰਾਫ਼ੀਆਂ ਸੌਂਪੀਆਂ।
ਇਸ ਮੌਕੇ ਪ੍ਰਿੰਸੀਪਲ ਡਾ. ਸਮਰਾ ਨੇ ਟੀਮ ਇੰਚਾਰਜ ਅਤੇ ਜੇਤੂ ਵਿਦਿਆਰਥੀਆਂ ਨੂੰ ਇੰਟਰ-ਜ਼ੋਨਲ ਰੱਨਰ ਅਪ ਟ੍ਰਾਫ਼ੀ ਜਿੱਤਣ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਾਡੇ ਸਟਾਫ਼ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਅਤੇ ਲਗਨ ਸਦਕਾ ਕਾਲਜ ਨੇ ਇਹ ਟ੍ਰਾਫ਼ੀਆਂ ਜਿੱਤੀਆਂ ਹਨ। ਉਹਨਾਂ ਕਿਹਾ ਕਿ ਸਾਡੇ ਵਿਿਦਆਰਥੀ ਕਲਾਕਾਰ ਦੇਸ਼ਾਂ ਵਿਦੇਸ਼ਾਂ ਵਿੱਚ ਕਾਲਜ ਦਾ ਨਾਂ ਰੌਸ਼ਨ ਕਰ ਰਹੇ ਹਨ। ਉਹਨਾਂ ਕਿਹਾ ਕਿ ਸਾਨੂੰ ਆਪਣੇ ਪ੍ਰਤਿਭਾਵਾਨ ਵਿਦਿਆਰਥੀਆਂ ’ਤੇ ਬਹੁਤ ਮਾਣ ਹੈ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਵਿਕਾਸ ਲਈ ਅਸੀਂ ਹਮੇਸ਼ਾਂ ਵਚਨਬਧ ਹਾਂ। ਉਹਨਾਂ ਕਾਲਜ ਦੁਆਰਾ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿਵਾਇਆ। ਉਹਨਾਂ ਦੱਸਿਆ ਕਿ ਕਾਲਜ ਨੇ ਇੰਟਰ ਜ਼ੋਨਲ ਯੁਵਕ ਮੇਲੇ ਵਿੱਚ 6 ਆਈਟਮਾਂ ਵਿੱਚ ਪਹਿਲਾ ਸਥਾਨ, 14 ਵਿੱਚ ਦੂਜਾ ਸਥਾਨ ਅਤੇ 5 ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਇਹ ਟ੍ਰਾਫ਼ੀ ਆਪਣੇ ਨਾਂ ਕੀਤੀ ਹੈ।
ਉਨਾਂ ਕਿਹਾ ਕਿ ਯੂਨੀਵਰਸਿਟੀ ਦੇ ਜ਼ੋਨਲ ਯੁਵਕ ਮੇਲੇ ਵਿੱਚ ਕਾਲਜ ਨੇ ‘ਸੀ-ਜ਼ੋਨ’ ਦੀ ਵੀ ਫਸਟ ਰੱਨਰ ਅਪ ਟਰਾਫੀ ਜਿੱਤੀ ਸੀ। ਇਸ ਤੋਂ ਪਹਿਲਾਂ ਸਮੂਹ ਟੀਮ ਇੰਚਾਰਜ ਸਾਹਿਬਾਨ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਸਦਕਾ ਕਾਲਜ ਨੇ 2014-15 ਅਤੇ 2015-16 ਅਤੇ 2018-19 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜ਼ੋਨਲ ਯੂਥ ਫੈਸਟੀਵਲ ਵਿੱਚ ਓਵਰਆਲ ਟਰਾਫੀ ਜਿੱਤੀ ਅਤੇ ਸਾਲ 2016-17 ਅਤੇ 2017-18 ਵਿੱਚ ਫਸਟ ਰੱਨਰ ਅਪ ਟਰਾਫੀ ਜਿੱਤੀ ਸੀ।
ਉਨ੍ਹਾਂ ਦੱਸਿਆ ਕਿ ਕਾਲਜ ਇਸ ਤੋਂ ਪਹਿਲਾਂ ਦੋ ਵਾਰ ਅੰਤਰ ਜ਼ੋਨਲ ਓਵਰਆਲ ਟ੍ਰਾਫੀ ਅਤੇ ਦੋ ਵਾਰ ਰੱਨਰ ਅਪ ਟ੍ਰਾਫੀ ਵੀ ਜਿੱਤ ਚੁਕਾ ਹੈ। ਇਸ ਮੌਕੇ ਵੱਖ-ਵੱਖ ਆਈਟਮਾਂ ਦੇ ਇੰਚਾਰਜ ਸਾਹਿਬਾਨ ਅਤੇ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰੋ. ਪਲਵਿੰਦਰ ਸਿੰਘ, ਡੀਨ ਕਲਚਰਲ ਅਫੇਅਰਜ਼, ਡਾ. ਸੁਰਿੰਦਰਪਾਲ ਮੰਡ ਡੀਨ ਸਟੂਡੈਂਟ ਵੈਲਫੇਅਰਜ਼, ਪ੍ਰੋ. ਸੁਖਦੇਵ ਸਿੰਘ, ਮੁਖੀ ਸੰਗੀਤ ਵਿਭਾਗ, ਡਾ. ਹਰਜਿੰਦਰ ਸਿੰਘ ਇੰਚਾਰਜ ਥੀਏਟਰ ਟੀਮ, ਡਾ. ਅਜੀਤਪਾਲ ਸਿੰਘ ਇੰਚਾਰਜ ਫਾਈਨ ਆਰਟਸ, ਪ੍ਰੋ. ਸਤਪਾਲ ਸਿੰਘ ਇੰਚਾਰਜ ਐਲੋਕਿਊਸ਼ਨ ਤੇ ਡਿਬੇਟ, ਪ੍ਰੋ. ਪ੍ਰਭਦੀਪ ਇੰਚਾਰਜ ਗਿੱਧਾ ਤੇ ਡਾਂਸ ਟੀਮ ਤੋਂ ਇਲਾਵਾ ਪ੍ਰੋ. ਸੁਖਦੇਵ ਨਾਗਰਾ, ਪ੍ਰੋ. ਨਵਜੋਤ ਕੌਰ, ਪ੍ਰੋ. ਭਾਵਨਾ, ਪ੍ਰੋ. ਅਮਨਦੀਪ ਕੌਰ, ਪ੍ਰੋ. ਗੁਰਚੇਤਨ ਸਿੰਘ, ਪ੍ਰੋ. ਰਵਨੀਤ ਕੌਰ, ਪ੍ਰੋ. ਅੰਕੁਸ਼ ਗਿੱਲ, ਪ੍ਰੋ. ਓਂਕਾਰ ਸਿੰਘ, ਪ੍ਰੋ. ਪੂਜਾ ਸੋਨਿਕ ਤੇ ਵਿਦਿਆਰਥੀ ਹਾਜ਼ਰ ਸਨ।