ਪ੍ਰਿੰਸੀਪਲ ਡਾ. ਸਮਰਾ ਨੇ ਕਿਹਾ ਸਿਰਜਨਾਤਮਕ ਲੇਖਣੀ ਵਿਦਿਆਰਥੀਆਂ ਵਿਚਲੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਨਿਭਾਉਂਦੀ ਹੈ ਵੱਡੀ ਭੂਮਿਕਾ,
ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਲਈ ਤੱਤਪਰ ਰਹਿੰਦਾ ਹੈ। ਇਸ ਲਈ ਵਿੱਦਿਆਂ ਨੂੰ ਖੇਡਾਂ, ਕਲਚਰਲ, ਖੋਜ ਤੇ ਸਾਹਿਤਕ ਆਦਿ ਖੇਤਰ ਵਿੱਚ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੀ ਪੰਜਾਬੀ ਸਾਹਿਤ ਸਭਾ ਵਲੋਂ ਵਿਦਿਆਰਥੀਆਂ ਵਿਚਕਾਰ ਲੇਖ ਲਿਖਣ ਮੁਕਾਬਲੇ ਕਰਵਾਏ ਗਏ।
ਜਿਸ ਵਿੱਚ ਵੱਖ ਵੱਖ ਕਲਾਸਾਂ ਦੇ 70 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਨੂੰ ਸਿਰਜਨਾਤਮਕ ਕਾਰਜ ਕਰਦਿਆਂ ਲੇਖ ਲਿਖਣ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਇਸ ਮੌਕੇ ਕਿਹਾ ਕਿ ਸਿਰਜਨਾਤਮਕ ਲੇਖਣ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ। ਇਸ ਨਾਲ ਵਿਅਕਤੀ ਵਿੱਚ ਆਤਮ ਵਿਸ਼ਵਾਸ ਵੱਧਦਾ ਹੈ ਅਤੇ ਉਹ ਸਮਾਜ ਵਿੱਚ ਵੱਡੀਆਂ ਜਿੰ੍ਹਮੇਵਾਰੀਆਂ ਨਿਭਾਉਣ ਦੇ ਸਮਰੱਥ ਹੋ ਜਾਂਦਾ ਹੈ।
ਡਾ. ਗੋਪਾਲ ਸਿੰਘ ਬੁੱਟਰ ਮੁਖੀ ਪੰਜਾਬੀ ਵਿਭਾਗ ਅਤੇ ਪ੍ਰੋ. ਕੁਲਦੀਪ ਸੋਢੀ ਕੋਆਰਡੀਨੇਟਰ ਪੰਜਾਬੀ ਸਾਹਿਤ ਸਭਾ ਨੇ ਦੱਸਿਆ ਕਿ ਪੰਜਾਬੀ ਸਾਹਿਤ ਸਭਾ ਦੁਆਰਾ ਹਰ ਸਾਲ ਸਿਰਜਨਾਤਮਕ ਲੇਖਣ, ਕਾਵਿ ਉਚਾਰਨ ਅਤੇ ਪੁਸਤਕ ਪੜ੍ਹਨ ਦੇ ਮੁਕਾਬਲੇ ਕਰਵਾਏ ਜਾਂਦੇ ਹਨ, ਜਿਸ ਦੇ ਨਤੀਜੇ ਵਜੋਂ ਵਿਦਿਆਰਥੀਆਂ ਨੂੰ ਰੋਜਮੱਰਾ ਦੇ ਜੀਵਨ ਵਿੱਚ ਦਫ਼ਤਰੀ, ਅਖ਼ਬਾਰੀ ਅਤੇ ਸਾਹਿਤਕ ਕਾਰਜਾਂ ਵਿੱਚ ਮੱਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬੀ ਸਾਹਿਤ ਸਭਾ ਵਿਦਿਆਰਥੀਆਂ ਵਿੱਚ ਸਾਹਿਤਕ ਰੁਚੀਆਂ ਨੂੰ ਪ੍ਰਫੁੱਲਿਤ ਕਰਨ ਲਈ ਨਿਰੰਤਰ ਕਾਰਜ ਕਰ ਰਹੀ ਹੈ।
ਇਨ੍ਹਾਂ ਲੇਖ ਲਿਖਣ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਬ੍ਰਹਮ ਸੇਵਕ ਐਮ.ਏ. ਰਾਜਨੀਤੀ ਸ਼ਾਸਤਰ, ਸਮੈਸਟਰ ਪਹਿਲਾ ਨੇ ਦੂਜਾ ਸਥਾਨ ਲਵਪ੍ਰੀਤ ਕੌਰ, ਬੀ.ਏ. ਪੰਜਵਾਂ ਸਮੈਸਟਰ ਅਤੇ ਤੀਜਾ ਸਥਾਨ ਹਰਪ੍ਰੀਤ ਸਿੰਘ ਬੀ.ਐਸ.ਸੀ. ਕੰਪਿਊਟਰ ਸਾਇੰਸ ਪਹਿਲਾ ਸਮੈਸਟਰ ਨੇ ਪ੍ਰਾਪਤ ਕੀਤਾ। ਇਨ੍ਹ੍ਹਾਂ ਵਿਦਿਆਰਥੀਆਂ ਦੀਆਂ ਲਿਖਤਾਂ ਦੀ ਜੱਜਮੈਂਟ ਡਾ. ਸੁਰਿੰਦਰ ਪਾਲ ਮੰਡ ਅਤੇ ਪ੍ਰੋ. ਕੁਲਦੀਪ ਸੋਢੀ ਦੁਆਰਾ ਕੀਤੀ ਗਈ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਸਮਰਾ ਅਤੇ ਵਿਭਾਗ ਦੇ ਮੁਖੀ ਡਾ. ਗੋਪਾਲ ਸਿੰਘ ਬੁੱਟਰ ਨੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਨਰੋਆ ਸਾਹਿਤ ਲਿਖਣ ਲਈ ਪ੍ਰੇਰਿਤ ਕੀਤਾ।



































