ਪੀਟੀਬੀ ਖਬਰਾਂ ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਦੇ ਮਨਾਲੀ ‘ਚ ਹੜ੍ਹ ‘ਚ ਵਹਿ ਗਈ ਪੀਆਰਸੀਟੀ ਬੱਸ ਦੇ ਡਰਾਈਵਰ ਸਤਿਗੁਰ ਸਿੰਘ ਤੋਂ ਬਾਅਦ ਸ਼ੁੱਕਰਵਾਰ ਨੂੰ ਕੁੱਲੂ ਤੋਂ ਕੰਡਕਟਰ ਜਗਸੀਰ ਸਿੰਘ ਦੀ ਲਾਸ਼ ਵੀ ਬਰਾਮਦ ਹੋ ਗਈ ਹੈ। ਪੀਆਰਟੀਸੀ ਮੁਲਾਜ਼ਮਾਂ ਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਵਾਰਸਾਂ ਨੂੰ ਮੁਆਵਜ਼ਾ ਦਿਵਾਉਣ ਲਈ ਬੱਸੇ ਅੱਡੇ ਸਾਹਮਣੇ ਲਾਸ਼ ਰੱਖ ਕੇ ਰੋਸ ਮੁਜ਼ਾਹਰਾ ਕੀਤਾ।
ਪੰਜਾਬ ਸਰਕਾਰ ਨੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਡਰਾਈਵਰ ਅਤੇ ਕੰਡਕਟਰ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। PRTC ਮੁਲਾਜ਼ਮਾਂ ਨੇ ਅੱਜ ਇੱਥੇ ਨਵੇਂ ਸਿਟੀ ਬੱਸ ਸਟੈਂਡ ਦੇ ਨਾਲ ਲੱਗਦੀ ਸੜਕ ’ਤੇ ਜਾਮ ਲਾ ਕੇ ਡਰਾਈਵਰ ਸਤਿਗੁਰ ਸਿੰਘ ਅਤੇ ਕੰਡਕਟਰ ਜਗਸੀਰ ਸਿੰਘ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਕੀਤੀ।
ਬਾਅਦ ਵਿੱਚ ਸ਼ਾਮ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਮਸਲੇ ਦੇ ਹੱਲ ਲਈ ਉਨ੍ਹਾਂ ਨਾਲ ਮੁਲਾਕਾਤ ਕੀਤੀ। ਪਟਿਆਲਾ ਦੇ ਐਸਡੀਐਮ ਚਰਨਜੀਤ ਸਿੰਘ ਨੇ ਕਿਹਾ, “ਰਾਜ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਡਰਾਈਵਰ ਅਤੇ ਕੰਡਕਟਰ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਆਊਟਸੋਰਸ ਆਧਾਰ ‘ਤੇ ਨੌਕਰੀ ਦਿੱਤੀ ਜਾਵੇਗੀ।”
ਦੱਸ ਦੱਈਏ ਕਿ ਪਿਛਲੇ ਹਫ਼ਤੇ ਸਵਾਰੀਆਂ ਲੈ ਕੇ ਮਨਾਲੀ ਗਈ ਪੀਆਰਟੀਸੀ ਦੀ ਇੱਕ ਭੇਤਭਰੀ ਹਾਲਤ ਵਿਚ ਲਾਪਤਾ ਹੋ ਗਈ ਸੀ। ਇਹ ਬੱਸ ਬਿਆਸ ਦਰਿਆ ਵਿੱਚ ਰੁੜ੍ਹ ਗਈ ਸੀ। ਪੀਆਰਟੀਸੀ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਰੋਜ਼ਾਨਾ ਦੀ ਤਰ੍ਹਾਂ ਹੀ ਅੱਠ ਜੁਲਾਈ ਦੀ ਸਵੇਰ ਨੂੰ ਸਵਾਰੀਆਂ ਲੈ ਕੇ ਮਨਾਲੀ ਗਈ ਚੰਡੀਗੜ੍ਹ ਡਿੱਪੂ ਦੀ ਇਹ ਬੱਸ (ਨੰਬਰ ਪੀਬੀ 65 ਬੀਬੀ 4894) ਸਵਾਰੀਆਂ ਉਤਾਰਨ ਉਪਰੰਤ ਸ਼ਾਮ ਨੂੰ ਉਥੇ ਹੀ ਪਾਰਕਿੰਗ ਵਿਚ ਖੜ੍ਹਾ ਦਿੱਤੀ ਗਈ ਸੀ। ਇਸ ਦੌਰਾਨ ਡਰਾਈਵਰ ਤੇ ਕੰਡਕਟਰ ਬੱਸ ਵਿਚ ਹੀ ਪੈ ਗਏ।