PTB ਨਿਊਜ਼ “ਸਿੱਖਿਆ” : ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਜਿੱਥੇ ਵਿਦਿਆ ਅਤੇ ਖੇਡਾਂ ਦੇ ਖੇਤਰ ਵਿਚ ਵੱਡੀਆਂ ਪੁਲਾਘਾਂ ਪੁੱਟ ਰਿਹਾ ਹੈ, ਉਥੇ ਕਲਾ ਦੇ ਖੇਤਰ ਵਿਚ ਵੀ ਮਾਣਮੱਤੀਆਂ ਪ੍ਰਾਪਤੀਆਂ ਕਰ ਰਿਹਾ ਹੈ। ਥੀਏਟਰ ਦੇ ਖੇਤਰ ਵਿਚ ਇਸਨੇ ਵਿਸ਼ੇਸ਼ ਹਸਤਾਖ਼ਰ ਵਜੋਂ ਉਭਰਦਿਆਂ ਵੱਖ-ਵੱਖ ਪੱਧਰਾਂ ‘ਤੇ ਵਿਸ਼ੇਸ਼ ਸਥਾਨ ਹਾਸਿਲ ਕੀਤੇ ਹਨ। ਹਾਲ ਹੀ ਵਿਚ ‘ਜ਼ੀ ਪੰਜਾਬੀ’ ਵਲੋਂ ਇਕ ਵਿਸ਼ੇਸ਼ ਪ੍ਰੋਗਰਾਮ ‘ਅੰਤਾਕਸ਼ਰੀ’ ਵਿਚ ਮੁਕਾਬਲਾ ਕਰਵਾਇਆ ਗਿਆ।
ਸਾਡੇ ਕਾਲਜ ਦੇ ਹੋਣਹਾਰ ਵਿਦਿਆਰਥੀ ਮਨਰਾਜ ਸਿੰਘ ਅਤੇ ਥੀਏਟਰ ਦੇ ਉਸਤਾਦ ਕਲਾਕਾਰ ਸੁਨੀਲ ਨੇ ਸਾਂਝੇ ਰੂਪ ਵਿਚ 6 ਮੈਂਬਰੀ ਟੀਮ ਬਣਾ ਕੇ ਹਿੱਸਾ ਲਿਆ। ਇਸ ਕਠਿਨ ਮੁਕਾਬਲੇ ਵਿਚ ਆਪਣੀ ਮਿਹਨਤ ਸਦਕਾ ਇਸ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਪੰਜ ਲੱਖ ਰੁਪਏ (5,00,000/-) ਦਾ ਨਕਦ ਇਨਾਮ ਹਾਸਿਲ ਕਰਕੇ ਆਪਣੇ ਪਰਿਵਾਰ ਅਤੇ ਖ਼ਾਸਕਰ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ।
ਇਸ ਸੰਬੰਧੀ ਕਾਲਜ ਦੇ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਆਪਣੇ ਹੋਣਹਾਰ ਵਿਦਿਆਰਥੀ ਸਮੇਤ ਜੇਤੂ ਟੀਮ ਨੂੰ ਵਿਸ਼ੇਸ਼ ਸਨਮਾਨ ਦਿੱਤਾ। ਪ੍ਰਿੰਸੀਪਲ ਨੇ ਬੋਲਦਿਆਂ ਕਿਹਾ ਕਿ ਕਾਲਜ ਨੂੰ ਅਜਿਹੇ ਹੋਣਹਾਰ ਵਿਦਿਆਰਥੀਆਂ ‘ਤੇ ਹਮੇਸ਼ਾ ਮਾਣ ਹੁੰਦਾ ਹੈ। ਉਹਨਾਂ ਕਿਹਾ ਕਿ ਅਜਿਹੇ ਪ੍ਰਤਿਭਾਵਾਨ ਵਿਦਿਆਰਥੀ ਹੀ ਆਉਣ ਵਾਲੇ ਵਿਦਿਆਰਥੀਆਂ ਲਈ ਮਾਰਗਦਰਸ਼ਕ ਬਣਦੇ ਹਨ।
ਉਹਨਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਵਿਚ ਕਲਾ ਪ੍ਰਤੀ ਉਤਸ਼ਾਹ ਪੈਦਾ ਕਰਨ ਅਤੇ ਕਲਾ ਨੂੰ ਨਿਖਾਰਨ ਲਈ ਕਾਲਜ ਹਮੇਸ਼ਾ ਅਹਿਮ ਕਦਮ ਪੁੱਟਦਾ ਰਹੇਗਾ। ਉਹਨਾਂ ਨੇ ਡੀਨ, ਕਲਚਰਲ ਅਫੈਅਰਜ਼ ਪ੍ਰੋ. ਪਲਵਿੰਦਰ ਸਿੰਘ ਬੋਲੀਨਾ ਅਤੇ ਥੀਏਟਰ ਇੰਚਾਰਜ ਡਾ. ਹਰਜਿੰਦਰ ਸਿੰਘ ਸੇਖੋਂ ਨੂੰ ਮੁਬਾਰਕਾਂ ਦਿੱਦਿਆਂ ਉਹਨਾਂ ਦੀ ਪਾਰਖੂ ਨਜ਼ਰ ਅਤੇ ਇਸ ਇਨਾਮ ਵਿਚ ਵਿਸ਼ੇਸ਼ ਭੂਮਿਕਾ ਦੀ ਸ਼ਲਾਘਾ ਕੀਤੀ।