ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਕਰਵਾਏ ਗਏ ਸਵੀਪ ਅੰਤਰਗਤ ਚੋਣ ਸਬੰਧੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਦਾ ਆਯੋਜਨ ਕਰਤਾਰਪੁਰ ਖੇਤਰ ਦੀਆਂ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਵੋਟਿੰਗ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕੀਤਾ ਗਿਆ ਸੀ।
ਪ੍ਰਿੰਸੀਪਲ ਪ੍ਰੋ: ਜਸਰੀਨ ਕੌਰ ਨੇ ਜੇਤੂਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਲੋਕਤੰਤਰ ਲਈ ਇੱਕ ਸਕਾਰਾਤਮਕ ਸੰਕੇਤ ਹੈ। ਜੇਕਰ ਨੌਜਵਾਨ ਜਾਗਰੂਕ ਹੋਣ ਤਾਂ ਉਹ ਦੇਸ਼ ਨੂੰ ਹਰ ਖੇਤਰ ਵਿੱਚ ਵਿਕਾਸ ਵੱਲ ਲੈ ਜਾ ਸਕਦੇ ਹਨ। ਕਾਲਜ ਸਵੀਪ ਦੇ ਨੋਡਲ ਅਫ਼ਸਰ ਡਾ: ਸੁਰਿੰਦਰ ਪਾਲ ਮੰਡ ਨੇ ਕਿਹਾ ਕਿ ਨੌਜਵਾਨ ਭਵਿੱਖ ਦੇ ਆਗੂ ਹੁੰਦੇ ਹਨ ਅਤੇ ਇਹ ਸਮਾਗਮ ਉਨ੍ਹਾਂ ਨੂੰ ਭਵਿੱਖ ਦੀਆਂ ਜ਼ਿੰਮੇਵਾਰੀਆਂ ਅਤੇ ਚੁਣੌਤੀਆਂ ਲਈ ਤਿਆਰ ਕਰਦੇ ਹਨ।
ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ: ਸਤਪਾਲ ਸਿੰਘ ਨੇ ਦੱਸਿਆ ਕਿ ਕਾਲਜ ਦੇ ਐਨ.ਐਸ.ਐਸ. ਵਲੰਟੀਅਰਾਂ ਨੇ ਨਾ ਸਿਰਫ਼ ਭਾਗ ਲਿਆ ਸਗੋਂ ਕਈ ਪੁਜ਼ੀਸ਼ਨਾਂ ਵੀ ਜਿੱਤੀਆਂ। ਉਨ੍ਹਾਂ ਦੱਸਿਆ ਕਿ ਐਚ.ਐਮ.ਵੀ. ਵਿਖੇ ਕਰਵਾਏ ਗਏ ਭਾਸ਼ਣ ਮੁਕਾਬਲੇ ਵਿੱਚ ਬਲਪ੍ਰੀਤ ਕੌਰ ਨੇ ਭਾਸ਼ਣ ਮੁਕਾਬਲੇ ਵਿੱਚ ਪਹਿਲਾ, ਸ਼ਿਵਮ ਨੇ ਕਵਿਤਾ ਉਚਾਰਨ ਵਿੱਚ ਪਹਿਲਾ, ਅਮਿਤ ਨੇ ਲੇਖ ਲਿਖਣ ਵਿੱਚ ਦੂਜਾ, ਰਣਦੀਪ ਕੌਰ ਨੇ ਸਲੋਗਨ ਵਿੱਚ ਤੀਜਾ ਅਤੇ ਏਕਤਾ ਪਾਂਡੇ ਨੇ ਕੋਨਸੋਲੇਸ਼ਨ ਇਨਾਮ ਹਾਸਲ ਕੀਤਾ।








































