PTB ਨਿਊਜ਼ “ਸਿੱਖਿਆ” : ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਪੋਸਟ-ਗ੍ਰੈਜੂਏਟ ਵਿਭਾਗਾਂ (ਪੰਜਾਬੀ, ਅੰਗਰੇਜ਼ੀ, ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ, ਸੰਗੀਤ, ਭੂਗੋਲ ਅਤੇ ਇਤਿਹਾਸ) ਵਿਚ ਨਵੇਂ ਆਏ ਵਿਦਿਆਰਥੀਆਂ ਨੂੰ ‘ਜੀ ਆਇਆਂ’ ਕਹਿਣ ਲਈ ਸੀਨੀਅਰ ਵਿਦਿਆਰਥੀਆਂ ਨੇ ਨਹਿਰੂ ਯੂਵਾ ਕੇਂਦਰ ਦੇ ਸਹਿਯੋਗ ਨਾਲ ਸਾਂਝੇ ਰੂਪ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ।
ਜਿਸ ਵਿਚ ਕਾਲਜ ਦੇ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮੂਹ ਅਧਿਆਪਕ ਸਾਹਿਬਾਨਾਂ ਵਲੋਂ ਮੁੱਖ ਮਹਿਮਾਨ ਦਾ ਫੁੱਲਾਂ ਦੇ ਗੁਲਦਸਤੇ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਆਪਣੀ-ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਵਲੋਂ ਗੀਤ, ਲੋਕਗੀਤ (ਬਾਵਾ) ਜੱਗਾ, ਮਿਰਜ਼ਾ ਬਰੇਲੀ ਲੋਕ-ਨਾਚ, ਮਾਡਲੰਿਗ, ਕਾਵਿ-ਉਚਾਰਨ, ਨਹਿਰੂ ਯੁਵਾ ਕੇਂਦਰ ਵਲੋਂ ਵਿਸ਼ੇਸ਼ ਭਾਸ਼ਣ ਮੁਕਾਬਲੇ, ਵੱਖ-ਵੱਖ ਨਾਚ, ਅਤੇ ਹੋਰ ਕਈ ਤਰ੍ਹਾਂ ਨਾਲ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ।
ਕਰਵਾਏ ਗਏ ਮਾਡਲੰਿਗ ਮੁਕਾਬਲਿਆਂ ਵਿਚੋਂ ਜੈਸਮੀਨ ਨੇ ਮਿਸ ਐਲੀਗੈਂਟ, ਸੰਯੋਗ ਨੇ ਮਿਸ ਕਨਫ਼ੀਡੈਂਟ, ਸਨਿਤ ਸੰਗਤਾਰ ਨੇ ਮਿਸਟਰ ਹੈਂਡਸਮ ਦਾ ਖ਼ਿਤਾਬ ਜਿੱਤਿਆ। ਆਪਣੀ ਵਿਸ਼ੇਸ਼ ਕਲਾਮਈ ਕਾਰਗੁਜ਼ਾਰੀ ਲਈ ਕੁਲਜੀਤ ਕੌਰ ਨੂੰ ਮਿਸ ਫਰੈਸ਼ਰ ਅਤੇ ਬੌਬੀ ਨੂੰ ਮਿਸਟਰ ਫ਼ਰੈਸ਼ਰ ਦੇ ਖ਼ਿਤਾਬ ਨਾਲ ਨਿਵਾਜ਼ਿਆ ਗਿਆ। ਇਸ ਮੌਕੇ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਾਲੇ ਭਾਸ਼ਣ ਵਿਚ ਬੋਲਦਿਆਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਵਿਿਦਆ, ਖੇਡਾਂ ਅਤੇ ਕਲਾ ਦੇ ਖੇਤਰ ਵਿਚ ਵੱਡੇ ਮੁਕਾਮ ਕਰਨ ਵਾਲਾ ਆਦਾਰ ਹੈ ਅਤੇ ਵਿਦਿਆਰਥੀ ਰੂਪ ’ਚ ਇਸ ਸੰਸਥਾ ਦਾ ਹਿੱਸਾ ਬਣ ਜਾਣਾ ਬੜੇ ਮਾਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਇਸ ਧਰਤੀ ਰੂਪੀ ਕੈਨਵਸ ਤੇ ਲਾਇਲਪੁਰ ਖ਼ਾਲਸਾ ਕਾਲਜ ਦੀ ਆਪਣੀ ਇਕ ਵਿਸ਼ੇਸ਼ ਆਭਾ ਹੈ। ਉਨ੍ਹਾਂ ਨੇ ਸ਼ਾਇਰਾਨਾ ਅੰਦਾਜ਼ ਵਿਚ ਵਿਦਿਆਰਥੀਆਂ ਨੂੰ ‘ਜੀ ਆਇਆ’ ਕਹਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਵਿਦਿਆਰਥੀਆਂ ਦੀ ਵੱਖ-ਵੱਖ ਪੱਧਰਾਂ ’ਤੇ ਕਾਮਯਾਬੀ ਲਈ ਹਮੇਸ਼ਾ ਵਚਨਬੱਧ ਹੈ। ਪ੍ਰਿੰਸੀਪਲ ਵਲੋਂ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਗਏ। ਇਸ ਪ੍ਰੋਗਰਾਮ ਲਈ ਵਿਸ਼ੇਸ਼ ਯੋਗਦਾਨ ਦੇਣ ਲਈ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ ਸ੍ਰੀ ਲਵਲੀ ਭੱਲਾ ਜੀ ਦਾ ਧੰਨਵਾਦ ਅਤੇ ਵਿਸ਼ੇਸ਼ ਸਨਮਾਨ ਕਰਦਿਆਂ ਉਨ੍ਹਾਂ ਵਲੋਂ ਭਵਿੱਖ ਵਿਚ ਵੀ ਅਜਿਹੇ ਸਹਿਯੋਗ ਦੀ ਕਾਮਨਾ ਕੀਤੀ।
ਮੰਚ ਸੰਚਾਲਣ ਦੀ ਵਿਸ਼ੇਸ਼ ਭੂਮਿਕਾ ਪ੍ਰੋ. ਪ੍ਰੀਤੀ (ਪੰਜਾਬੀ ਵਿਭਾਗ), ਵਿਦਿਆਰਥੀ ਅਰਸ਼ਦੀਪ ਕੌਰ, ਇਰਮਨ ਸਿੰਘ, ਮਹਿਕ ਅਤੇ ਮਾਨਸੀ ਨੇ ਨਿਭਾਈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀ ਪ੍ਰੋ. ਨਵਦੀਪ ਕੌਰ (ਅਰਥ ਸ਼ਾਸਤਰ ਵਿਭਾਗ), ਡਾ. ਸੁਮਨ ਚੋਪੜਾ (ਇਤਿਹਾਸ ਵਿਭਾਗ), ਡਾ. ਬਲਰਾਜ ਕੌਰ (ਅੰਗਰੇਜੀ ਵਿਭਾਗ), ਪ੍ਰੋ. ਸੁਖਦੇਵ ਸਿੰਘ (ਸੰਗੀਤ ਵਿਭਾਗ), ਡਾ. ਸੁਰਿੰਦਰਪਾਲ ਮੰਡ (ਪੰਜਾਬੀ ਵਿਭਾਗ), ਡਾ. ਪੂਜਾ ਰਾਣਾ (ਭੂਗੌਲ ਵਿਭਾਗ) ਅਤੇ ਪ੍ਰੋ. ਅਨੂ ਮੂਮ (ਰਾਜਨੀਤੀ ਸ਼ਾਸਤਰ ਵਿਭਾਗ) ਤੋਂ ਇਲਾਵਾ ਇਨ੍ਹਾਂ ਵਿਭਾਗਾਂ ਦੇ ਸਮੂਹ ਅਧਿਆਪਕ ਸਹਿਬਾਨ ਅਤੇ ਵਿਦਿਆਰਥੀ ਵੀ ਹਾਜ਼ਰ ਸਨ।
ਸਾਂਝੇ ਰੂਪ ਵਿਚ ਆਯੋਜਨ ਕੀਤੇ ਇਸ ਵਿਸ਼ੇਸ਼ ਪ੍ਰੋਗਰਾਮ ਲਈ ਕੁਲਜੀਤ ਕੌਰ (ਐਮ.ਏ. ਪੰਜਾਬੀ ਪਹਿਲਾ ਸਮੈਸਟਰ) ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਭੱਵਿਖ ਵਿਚ ਵੀ ਅਜਿਹੇ ਹੀ ਸਾਂਝੇ ਪ੍ਰੋਗਰਾਮ ਉਲੀਕਣ ਦੀ ਤਮੰਨਾ ਜ਼ਾਹਰ ਕੀਤੀ। ਅਖੀਰ ਵਿਚ ਸਮੂਹ ਵਿਦਿਆਰਥੀਆਂ ਪੰਜਾਬੀ ਲੋਕ ਨਾਚ ਭੰਗੜਾ ਪਾ ਕੇ ਖ਼ੁਸ਼-ਨੁਮਾ ਮਾਹੌਲ ਵਿਚ ਪ੍ਰੋਗਰਾਮ ਦੀ ਸਮਾਪਤੀ ਕੀਤੀ।