ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਦਿਆਰਥੀਆਂ ਵਿਚ ਪੜ੍ਹਾਈ ਦੇ ਨਾਲ-ਨਾਲ ਸਾਹਿਤਕ ਤੇ ਕਲਾ ਰੁਚੀਆਂ ਪ੍ਰਫੁੱਲਤ ਕਰਨ ਲਈ ਜਾਣਿਆ ਜਾਂਦਾ ਹੈ। ਇਥੋਂ ਦੇ ਵਿਦਿਆਰਥੀ ਕਲਾ ਦੇ ਖੇਤਰ ਵਿਚ ਵੀ ਨਾਮਣਾ ਖੱਟ ਰਹੇ ਹਨ। ਵਿਦਿਆਰਥੀਆਂ ਨੂੰ ਕਲਾ ਦੇ ਖੇਤਰ ਲਈ ਪ੍ਰੇਰਿਤ ਕਰਨ ਅਤੇ ਪੰਜਾਬੀ ਫਿਲਮ ‘ਕੋਕਾ’ ਦੀ ਪ੍ਰਮੋਸ਼ਨ ਵਾਸਤੇ ਇਸ ਫਿਲਮ ਦੀ ਸਮੁੱਚੀ ਟੀਮ ਕਾਲਜ ਵਿਖੇ ਪਹੁੰਚੀ।
ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਫਿਲਮ ਦੇ ਅਦਾਕਾਰ ਗੁਰਨਾਮ ਭੁੱਲਰ, ਨੀਰੂ ਬਾਜਵਾ ਅਤੇ ਸਮੁੱਚੀ ਟੀਮ ਦਾ ਸਵਾਗਤ ਕੀਤਾ। ਅਦਾਕਾਰ ਗੁਰਨਾਮ ਭੁੱਲਰ ਅਤੇ ਨੀਰੂ ਬਾਜਵਾ ਨੇ ਵਿਦਿਆਰਥੀਆਂ ਦੀ ਫਰਮਾਇਸ਼ ਤੇ ਫਿਲਮ ਦੇ ਡਾਇਲਾਗ ਬੋਲ ਕੇ ਉਨ੍ਹਾਂ ਦਾ ਮਨੋਰੰਜਨ ਵੀ ਕੀਤਾ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਬੋਲਦਿਆਂ ਕਿਹਾ ਕਿ ਪੰਜਾਬੀ ਫਿਲਮਾਂ ਦਾ ਵੱਡੀ ਗਿਣਤੀ ਵਿਚ ਬਣਨਾ ਪੰਜਾਬੀ ਸਮਾਜ ਅਤੇ ਸਭਿਆਚਾਰ ਵਾਸਤੇ ਇਕ ਚੰਗਾ ਸ਼ਗਨ ਹੈ, ਕਿਉਂਕਿ ਇਸ ਨਾਲ ਪੰਜਾਬੀ ਭਾਸ਼ਾ ਦਾ ਵਿਸਥਾਰ ਤੇ ਪੰਜਾਬੀਅਤ ਦਾ ਪ੍ਰਚਾਰ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਅਦਾਕਾਰੀ ਦੇ ਖੇਤਰ ਵਿਚ ਗੁਰਨਾਮ ਭੁੱਲਰ ਅਤੇ ਨੀਰੂ ਬਾਜਵਾ ਪੰਜਾਬੀ ਫਿਲਮ ਇੰਡਸਟਰੀਜ਼ ਦੇ ਸ੍ਰੇਸ਼ਠ ਕਲਾਕਾਰ ਹਨ। ਪੰਜਾਬੀ ਫਿਲਮ ਨੂੰ ਇਕ ਨਵੇਂ ਮੋੜ ’ਤੇ ਇਨ੍ਹਾਂ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਵਿਚ ਪੰਜਾਬੀ ਸਿਨੇਮੇ ਦੀਆਂ ਨਵੀਆਂ ਸੰਭਾਵਨਾਵਾਂ ਹਨ। ਉਨ੍ਹਾਂ ਅਦਾਕਾਰ ਗੁਰਨਾਮ ਭੁੱਲਰ, ਅਦਾਕਾਰਾ ਨੀਰੂ ਬਾਜਵਾ ਤੇ ਉਨ੍ਹਾਂ ਦੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸਮੇਂ ਪ੍ਰੋ. ਪਲਵਿੰਦਰ ਸਿੰਘ, ਡੀਨ ਕਲਚਰ ਅਫੇਅਰ ਅਤੇ ਕਾਲਜ ਦੇ ਹੋਰ ਸਟਾਫ ਮੈਂਬਰ ਤੇ ਵਿਦਿਆਰਥੀ ਵੀ ਹਾਜ਼ਰ ਸਨ।








































