ਪੀਟੀਬੀ ਖਬਰਾਂ ਜਲੰਧਰ (ਐਡੀਟਰ-ਇਨ-ਚੀਫ਼) ਰਾਣਾ ਹਿਮਾਚਲ : ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਹੁੰਗਾਰਾ ਮਿਲਿਆ, ਜਦੋਂ ਬਹੁਜਨ ਨੈਸ਼ਨਲ ਪਾਰਟੀ ਵੱਲੋਂ ਜਲੰਧਰ ਵਿਖੇ ਪਾਰਟੀ ਦੇ ਕੌਮੀ ਪ੍ਰਧਾਨ ਸ਼੍ਰੀ ਪ੍ਰਮੋਦ ਕੁਰੀਲ ਸਾਬਕਾ ਰਾਜ ਸਭਾ ਮੈਂਬਰ, ਜੋ ਕਿ ਬਾਬੂ ਕਾਂਸ਼ੀ ਰਾਮ ਦੇ ਨੇੜਲੇ ਸਾਥੀਆਂ ਵਿੱਚੋਂ ਇੱਕ ਰਹੇ ਹਨ, ਦੀ ਅਗਵਾਈ ਹੇਠ ਲੋਕ ਸਭਾ ਸੀਟ ਜਲੰਧਰ ਦੀ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਹੱਕ ਵਿੱਚ ਫ਼ਤਵਾ ਦੇਣ ਦਾ ਐਲਾਨ ਕਰ ਦਿੱਤਾ।
ਇਸ ਸੰਬੰਧੀ ਹੋਈ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਐਮ.ਪੀ. ਸ. ਸਿਮਰਨਜੀਤ ਸਿੰਘ ਮਾਨ ਵੀ ਵਿਸ਼ੇਸ਼ ਤੌਰ ‘ਤੇ ਹਾਜਰ ਸਨ। ਮੀਟਿੰਗ ਦੌਰਾਨ ਹਾਜਰੀਨ ਨੂੰ ਸੰਬੋਧਨ ਕਰਦਿਆਂ ਸ. ਮਾਨ ਨੇ ਕਿਹਾ ਕਿ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਸਨ, ਪਰ ਇਹ ਉਮੀਦਾਂ ‘ਤੇ ਖਰੇ ਨਹੀਂ ਉੱਤਰੇ। ਸਾਰੇ ਹੀ ਵਰਗ ਇਨ੍ਹਾਂ ਤੋਂ ਨਿਰਾਸ਼ ਹਨ।
ਮਜਦੂਰਾਂ, ਮੁਲਾਜ਼ਮਾਂ, ਕਿਸਾਨਾਂ, ਵਪਾਰੀਆ ਕਿਸੇ ਵਰਗ ਨਾਲ ਵੀ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਲੋਕਾਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਜਿਉਂ ਦੀਆਂ ਤਿਉਂ ਹਨ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦਾ ਉਦੇਸ਼ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਹੈ। ਸਾਡਾ ਕਿਸੇ ਨਾਲ ਵਿਰੋਧ ਨਹੀਂ ਹੈ। ਅਸੀਂ ਭੇਦਭਾਵ ਮਿਟਾ ਕੇ ਸਾਰਿਆਂ ਲਈ ਇੱਕੋ ਕਾਨੂੰਨ, ਗੁਆਂਢੀ ਦੇਸ਼ਾਂ ਨਾਲ ਵਪਾਰ ਅਤੇ ਖੇਡਾਂ ਨੂੰ ਪ੍ਰਫੁਲਿੱਤ ਕਰਕੇ ਨਸ਼ਾ ਮੁਕਤ ਸਿਹਤਮੰਦ ਸਮਾਜ ਦੀ ਸਿਰਜਣਾ ਦੇ ਹੱਕ ਵਿੱਚ ਹਾਂ, ਜਿਸਦੇ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ।
ਬਹੁਜਨ ਨੈਸ਼ਨਲ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਸਾਂਸਦ ਸ਼੍ਰੀ ਪ੍ਰਮੋਦ ਕੁਰੀਲ ਨੇ ਸਮਰੱਥਨ ਦਾ ਰਸਮੀ ਐਲਾਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅ) ਨਾਲ ਲੋਕ ਪੱਖੀ ਸੋਚ ਨੂੰ ਮੁੱਖ ਰੱਖਦਿਆਂ ਸਮਝੌਤਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਦੀ ਆਵਾਜ ਨੂੰ ਸੰਸਦ ਤੱਕ ਪਹੁੰਚਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਨੂੰ ਜਿਤਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ।
ਪਾਰਟੀ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਨੇ ਸਮਰੱਥਨ ਲਈ ਬਹੁਜਨ ਨੈਸ਼ਨਲ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਹਾਜਰੀਨ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ 10 ਮਈ ਨੂੰ ਚੋਣ ਨਿਸ਼ਾਨ ਬਾਲਟੀ ਦਾ ਬਟਨ ਦਬਾਉਣ ਦੀ ਅਪੀਲ ਕੀਤੀ ਗਈ।