PTB ਨਿਊਜ਼ “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਤਤਪਰ ਰਹਿੰਦਾ ਹੈ। ਇਸੇ ਕਰਕੇ ਇਥੋਂ ਦੇ ਵਿਦਿਆਰਥੀ ਉੱਚ ਬੁਲੰਦੀਆਂ ਨੂੰ ਛੂੰਹਦੇ ਹਨ। ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਕਾਲਜ ਵਿਖੇ ਵੱੱਖ-ਵੱਖ ਵਿਭਾਗਾਂ ਦੇ ਲਈ ਸੁਆਗਤੀ ਸਮਾਗਮ ਕਰਵਾਏ ਜਾਂਦੇ ਹਨ। ਇਸੇ ਲੜੀ ਵਿਚ ਕਾਲਜ ਵਿਖੇ ਬੀ.ਏੇ. ਸਮੈਸਟਰ ਪਹਿਲਾ ਦੇ ਵਿਦਿਆਰਥੀਆਂ ਦੇ ਸੁਆਗਤ ਵਿਚ ਇਕ ਪ੍ਰਭਾਸ਼ਾਲੀ ਸਾਮਗਮ ਕਰਵਾਇਆ ਗਿਆ। ਸਮਾਗਮ ਵਿਚ 600 ਦੇ ਕਰੀਬ ਵਿਦਿਆਰਥੀ ਸ਼ਾਮਲ ਹੋਏ। ਇਸ ਸਮਾਗਮ ਦਾ ਮੁੱਖ ਉਦੇਸ਼ ਬੀ.ਏ ਪਹਿਲਾ ਸਮੈਸਟਰ ਦੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਅਕਾਦਮਿਕ, ਸੱਭਿਅਚਾਰਕ ਅਤੇ ਸਮਾਜਿਕ ਮਾਹੌਲ ਨਾਲ ਜੋੜਨਾ ਸੀ।
ਸਮਾਗਮ ਵਿਚ ਪ੍ਰਿੰਸੀਪਲ ਜਸਰੀਨ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਬੀ.ਏ. ਕਲਾਸ ਸਾਡੀ ਧਰੋਹਰ ਹੈ। ਇਹ ਸਟਰੀਮ ਜਿੱਥੇ ਦੇਸ਼ ਨੂੰ ਪ੍ਰਸ਼ਾਸ਼ਨਿਕ ਅਧਿਕਾਰੀ ਮੁਹੱਈਆ ਕਰਦੀ ਹੈ, ਉੱਥੇ ਜੀਵਨ-ਜਾਂਚ ਵੀ ਸਮਾਜ ਨੂੰ ਸਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਕਾਲਜ ਦੀ ਪੜ੍ਹਾਈ ਦਾ ਉਦੇਸ਼ ਸਿਰਫ ਅਕਾਦਮਿਕ ਉੱਤਮਤਾ ਹੀ ਨਹੀਂ ਬਲਕਿ ਵਿਦਿਆਰਥੀ ਦਾ ਵਿਅਕਤੀਗਤ ਵਿਕਾਸ ਅਤੇ ਸਰਵਪੱਖੀ ਵਿਕਾਸ ਵੀ ਹੈ, ਇਸ ਲਈ ਉਨ੍ਹਾਂ ਵਿਦਿਆਰਥੀਆਂ ਨੂੰ ਇਸ ਦਾ ਭਰਪੂਰ ਲਾਭ ਉਠਾਉਣ ਲਈ ਕਿਹਾ।

ਨਵੇਂ ਵਿਦਿਆਰਥੀ ਦੇ ਸੁਆਗਤ ਵਿਚ ਕਲਚਰਲ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਉਪਰੰਤ ਵਿਦਿਆਰਥੀਆਂ ਨੂੰ ਕਾਲਜ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਅਤੇ ਸਹਿ-ਪਾਠ ਕਿਿਰਆਵਾਂ ਦੇ ਡੀਨ ਤੇ ਇੰਚਾਰਜ ਸਾਹਿਬਾਨ ਦੁਆਰਾ ਵਿਦਿਆਰਥੀਆਂ ਨੂੰ ਕਾਲਜ ਬਾਰੇ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱੱਤੀ ਗਈ। ਪ੍ਰੋ. ਬਲਰਾਜ ਕੌਰ ਇੰਚਾਰਜ ਲਾਇਬ੍ਰੇਰੀ ਵਲੋਂ ਵਿਦਿਆਰਥੀਆਂ ਦੇ ਅਕਾਦਮਿਕ ਉੱਥਾਨ ਲਈ ਲਾਇਬਬ੍ਰੇਰੀ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾ ਸੰਬੰਧੀ ਵਿਚਾਰ ਪੇਸ਼ ਕੀਤੇ ਗਏ।
ਡਾ. ਸੁਰਿੰਦਰ ਪਾਲ ਮੰਡ, ਡੀਨ ਵਿਦਿਆਰਥੀ ਭਲਾਈ ਨੇ ਵਿਦਿਆਰਥੀਆਂ ਨੂੰ ਕਾਲਜ ਦੇ ਇਤਿਹਾਸ ਤੇ ਵਿਦਿਆਰਥੀਆਂ ਦੀ ਭਲਾਈ ਲਈ ਕਾਲਜ ਵਲੋਂ ਕੀਤੇ ਜਾਂਦੇ ਕਾਰਜਾਂ ਸੰਬੰਧੀ ਜਾਣਕਾਰੀ ਦਿੱਤੀ। ਡਾ. ਹਰਜਿੰਦਰ ਸਿੰਘ ਨੇ ਕਲਚਰਲ ਗਤੀਵਿਧੀਆਂ ਅਤੇ ਯੁਵਕ ਮੇਲਿਆਂ ਵਿਚ ਕਾਲਜ ਦੀ ਭਾਗੀਦਾਰੀ ਸੰਬੰਧੀ ਜਾਣਕਾਰੀ ਦਿੱਤੀ। ਡਾ ਕਰਨਬੀਰ ਸਿੰਘ ਏ.ਐਨ.ਓ. ਐਨ.ਸੀ.ਸੀ. ਨੇ ਕਾਲਜ ਵਿਚ ਚੱਲ ਰਹੇ ਐਨ.ਸੀ.ਸੀ. ਵਿੰਗਾਂ ਅਤੇ ਰਾਸ਼ਟਰੀ ਪੱਧਰ ’ਤੇ ਕਾਲਜ ਦੇ ਵਿਦਿਆਰਥੀਆਂ ਦੀ ਐਨ.ਸੀ.ਸੀ. ਦੇ ਮੰਚ ਤੋਂ ਸ਼ਮੁਲੀਅਤ ਬਾਰੇ ਦੱਸਿਆ। ਐਨ.ਐਸ.ਐਸ. ਸੰਬੰਧੀ ਪ੍ਰੋ. ਸਤਪਾਲ ਸਿੰਘ ਪ੍ਰੋਗਰਾਮ ਅਫਸਰ ਦੁਆਰਾ ਐਨ.ਐਸ.ਐਸ. ਦੀਆਂ ਗਤੀਵਿਧੀਆਂ, ਕਾਰਜਸ਼ੈਲੀ ਤੇ ਪ੍ਰਾਪਤੀਆਂ ਬਾਰੇ ਦੱਸਿਆ ਗਿਆ।
ਵਿਦਿਆਰਥੀਆਂ ਨੂੰ ਕਾਲਜ ਕੈਂਪਸ ਦਾ ਵਰਚੁਅਲ ਟੂਰ ਵੀ ਦਿੱਤਾ ਗਿਆ। ਇਸ ਵਿਚ ਕਾਲਜ ਦੇ ਸੀਨੀਅਰ ਵਿਦਿਆਰਥੀਆਂ ਦੁਆਰਾ ਕਾਲਜ ਦੀਆਂ ਮਹੱਤਵਪੂਰਨ ਥਾਵਾਂ ਤੇ ਲਈਆਂ ਗਈਆਂ ਸੈਲਫੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਕਾਲਜ ਦੇ ਸੀਨੀਅਰ ਵਿਦਿਆਰਥੀਆਂ ਦੁਆਰਾ ਆਪਣੇ ਜੂਨੀਅਰਾਂ ਦਾ ਸੁਆਗਤ ਕਰਨ ਲਈ ਲੋਕ ਗੀਤ, ਮਿਮਕਰੀ ਅਤੇ ਡਾਂਸ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਮੌਕੇ ਪ੍ਰੋ. ਨਵਦੀਪ ਕੌਰ ਕਾਲਜ ਰਜਿਸਟਰਾਰ ਦੁਆਰਾ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਮੰਚ ਸੰਚਾਲਨ ਪ੍ਰੋ. ਗੀਤਾਂਜਲੀ ਮਹਾਜਨ ਦੁਆਰਾ ਬਾਖੁਬੀ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਅਤੇ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ।













































