ਪੀਟੀਬੀ ਖਬਰਾਂ ਜਲੰਧਰ : ਪੰਜਾਬ ਵਿਚ ਦਿਨ-ਪ੍ਰਤੀਦਿਨ ਹੋ ਰਹੀਆਂ ਮਾੜੀਆਂ ਘਟਨਾਵਾਂ ਨੂੰ ਵੇਖਦੇ ਹੋਏ ਕਮਿਸ਼ਨਰੇਟ ਪੁਲਸ ਨੇ ਅਸਲੇ ਦੇ ਸ਼ੌਕੀਨ ਲੋਕਾਂ ’ਤੇ ਵੀ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਹੁਣ ਨਵਾਂ ਅਸਲਾ ਲਾਇਸੈਂਸ ਬਣਵਾਉਣਾ ਸੌਖਾ ਨਹੀਂ ਹੋਵੇਗਾ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਲਾਅ ਐਂਡ ਆਰਡਰ ਆਈਪੀਐਸ ਅੰਕੁਰ ਗੁਪਤਾ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੂਏ ਦੱਸਿਆ ਕਿ ਨਵੇਂ ਅਸਲੇ ਦਾ ਲਾਇਸੈਂਸ ਬਣਵਾਉਣ ਦੇ ਚਾਹਵਾਨ ਲੋਕ ਪਹਿਲਾਂ ਅਸਲਾ ਬ੍ਰਾਂਚ ਤੋਂ ਅਸਲੇ ਦਾ ਫਾਰਮ ਲੈ ਕੇ ਲਾਇਸੈਂਸ ਅਪਲਾਈ ਕਰਦੇ ਸਨ, ਜਿਸ ਪਿੱਛੋਂ ਉਹ ਆਪਣੇ ਸਾਰੇ ਦਸਤਾਵੇਜ਼ ਪੂਰੇ ਕਰਕੇ ਕਈ ਸਿਫਾਰਿਸ਼ਾਂ ਪਵਾ ਕੇ ਆਪਣਾ ਲਾਇਸੈਂਸ ਬਣਵਾ ਲੈਂਦੇ ਸਨ।
. .ਉਨ੍ਹਾਂ ਕਿਹਾ ਕਿ ਹੁਣ ਬਿਲਕੁਲ ਅਜਿਹਾ ਨਹੀਂ ਹੋਵੇਗਾ। ਪੁਲਸ ਕਮਿਸ਼ਨਰ ਆਈਪੀਐਸ ਕੁਲਦੀਪ ਸਿੰਘ ਚਾਹਲ ਦੇ ਹੁਕਮਾਂ ਮੁਤਾਬਕ ਹੁਣ ਅਸਲਾ ਲਾਇਸੈਂਸ ਬਣਵਾਉਣ ਦੇ ਸ਼ੌਕੀਨ ਲੋਕਾਂ ’ਤੇ ਵੀ ਪੁਲਸ ਨੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜੇ ਕੋਈ ਵੀ ਅਸਲਾ ਲਾਇਸੈਂਸ ਬਣਵਾਉਣ ਦਾ ਚਾਹਵਾਨ ਨਵਾਂ ਲਾਇਸੈਂਸ ਅਪਲਾਈ ਕਰਦਾ ਹੈ ਤਾਂ ਦਸਤਾਵੇਜ਼ ਪੂਰੇ ਹੋਣ ਤੋਂ ਬਾਅਦ ਕਮਿਸ਼ਨਰੇਟ ਪੁਲਸ ਅਸਲਾਧਾਰਕ ਦੀ ਵੈਰੀਫਿਕੇਸ਼ਨ ਕਰਨ ਪਿੱਛੋਂ ਉਸ ਦੇ ਕੰਮ ਦੀ ਵੀ ਚੰਗੀ ਤਰ੍ਹਾਂ ਵੈਰੀਫਿਕੇਸ਼ਨ ਕਰੇਗੀ।
.
ਉਨ੍ਹਾਂ ਦੱਸਿਆ ਕਿ ਪੁਲਸ ਜਾਂਚ ’ਚ ਪਤਾ ਲੱਗਾ ਹੈ ਕਿ ਕਈ ਲੋਕ ਆਪਣੇ ਕੰਮ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਦੇ ਹਨ ਜਦਕਿ ਅਸਲ ’ਚ ਉਹ ਉਕਤ ਕੰਮ ਉਵੇਂ ਨਹੀਂ ਕਰਦੇ। ਉਨ੍ਹਾਂ ਦੱਸਿਆ ਕਿ ਹੁਣ ਅਸਲਾਧਾਰਕ ਦੇ ਘਰ ਤੋਂ ਇਲਾਵਾ ਉਸ ਦੇ ਕੰਮ ਦੀ ਵੀ ਗੰਭੀਰਤਾ ਨਾਲ ਵੈਰੀਫਿਕੇਸ਼ਨ ਕੀਤੀ ਜਾਵੇਗੀ, ਜਿਸ ਪਿੱਛੋਂ ਉਸ ਦੀ ਇਨਕਮ ਟੈਕਸ ਦੀ ਰਿਟਰਨ ਵੀ ਵੇਖੀ ਜਾਵੇਗੀ ਕਿ ਅਸਲਾ ਲਾਇਸੈਂਸ ਅਪਲਾਈ ਕਰਨ ਵਾਲੇ ਵਿਅਕਤੀ ਦੀ ਸਾਲ ਦੀ ਇਨਕਮ ਕਿੰਨੀ ਹੈ ਅਤੇ ਉਸ ਦੇ ਕਾਰੋਬਾਰ ਦੀ ਟਰਨਓਵਰ ਕਿੰਨੀ ਹੈ, ਜਿਸ ਪਿੱਛੋਂ ਉਕਤ ਵਿਅਕਤੀ ਨੂੰ ਪਰਸਨਲ ਇੰਟਰਵਿਊ ਲਈ ਸੱਦਿਆ ਜਾਵੇਗਾ।
. .ਇਸ ’ਚ ਉਸ ਨੂੰ ਅਸਲਾ ਲਾਇਸੈਂਸ ਲੈਣ ਦਾ ਕਾਰਨ ਪੁੱਛਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪਿੱਛੋਂ ਕਮਿਸ਼ਨਰੇਟ ਪੁਲਸ ਫ਼ੈਸਲਾ ਲਵੇਗੀ ਕਿ ਉਕਤ ਵਿਅਕਤੀ ਨੂੰ ਅਸਲੇ ਦੀ ਲੋੜ ਹੈ ਜਾਂ ਫਿਰ ਨਹੀਂ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ’ਚ ਕਮਿਸ਼ਨਰੇਟ ਪੁਲਸ ਨੇ ਕਈ ਨਵੇਂ ਅਸਲਾ ਲਾਇਸੈਂਸ ਧਾਰਕਾਂ ਦੇ ਅਰਜ਼ੀ ਪੱਤਰ ਰੱਦ ਕੀਤੇ ਹਨ ਜਿਨ੍ਹਾਂ ਨੂੰ ਅਸਲੇ ਦੀ ਲੋੜ ਹੀ ਨਹੀਂ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਜਿਨ੍ਹਾਂ ਅਸਲਾਧਾਰਕਾਂ ਦੇ ਲਾਇਸੈਂਸ ਦੀ ਮਿਆਦ ਖ਼ਤਮ ਹੋ ਗਈ ਹੈ, ਉਨ੍ਹਾਂ ਨੂੰ ਵੀ ਦੋਬਾਰਾ ਇੰਟਰਵਿਊ ਲਈ ਉਹ ਖ਼ੁਦ ਸੱਦ ਕੇ ਉਨ੍ਹਾਂ ਦੀ ਵੀ ਜਾਂਚ ਕਰਨਗੇ।